Focus on the Abstract Friends and neglect other factors
ਕਹਾਣੀ ਅਨੁਸਾਰ ਇੱਕ ਇਨਸਾਨ ਆਪਣੇ ਗੁਰੂ ਜੀ ਕੋਲ ਗਿਆ ਤੇ ਆਪਣੀ ਮਾਲੀ ਹਾਲਤ ਨੂੰ ਲੈਕੇ ਦੁਖੜੇ ਰੋਣ ਲੱਗਾ। ਉਸ ਦੇ ਗੁਰੂ ਜੀ ਨੇ ਪੁੱਛਿਆ ਕਿੰਨਾ ਕੁ ਧਨ ਚਾਹੀਦਾ ਤੇਰੀ ਸਮੱਸਿਆ ਖ਼ਤਮ ਕਰਨ ਲਈ। ਕਹਿਣ ਲੱਗਾ ਜੀ ਬਸ ਜਰੂਰਤ ਪੂਰੀ ਹੋ ਜਾਵੇ। ਉਸ ਦੇ ਗੁਰੂ ਜੀ ਨੇ ਕਿਹਾ ਚੰਗਾ ਕੱਲ ਸਵੇਰੇ ਜਲਦੀ ਉੱਠ ਕੇ ਉੱਤਰ ਦਿਸ਼ਾ ਵੱਲ ਦੋ ਕਿਲੋਮੀਟਰ ਜਾਣਾ ਤੇ ਇੱਕ ਟੋਆ ਪੁੱਟਣਾ। ਉੱਥੋਂ ਧਨ ਜਰੂਰ ਮਿਲੇਗਾ ਪਰ ਜੇਕਰ ਘੱਟ ਲੱਗਿਆ ਤਾਂ ਦੱਖਣ ਦੀ ਦਿਸ਼ਾ ਜਾਣਾ ਤੇ ਇੱਕ ਕਿਲੋਮੀਟਰ ਚੱਲਣਾ ਉਥੇ ਇੱਕ ਕੁਟੀਆ ਦੇ ਵਿੱਚ ਧਨ ਮਿਲੇਗਾ। ਜੇਕਰ ਉਹ ਹਾਸਲ ਕਰਨ ਤੋਂ ਬਾਅਦ ਵੀ ਧਨ ਘੱਟ ਲੱਗਿਆ ਤਾਂ ਇੱਕ ਕਿਲੋਮੀਟਰ ਪੂਰਬ ਦੀ ਦਿਸ਼ਾ ਵੱਲ ਜਾਣਾ ਉੱਥੇ ਇੱਕ ਗੁਫਾ ਹੈ ਉੱਥੇ ਵੀ ਧਨ ਮਿਲੇਗਾ। ਪਰੰਤੂ ਪੱਛਮ ਵੱਲ ਨਾ ਜਾਣਾ ਭੁੱਲ ਕੇ ਵੀ।ਅਗਲੇ ਦਿਨ ਇਹ ਸੱਜਣ ਸਵੇਰੇ ਸਵੇਰੇ ਨਿਕਲ ਪਿਆ ਧਨ ਦੀ ਖੋਜ ਵਿੱਚ। ਸਭ ਤੋਂ ਪਹਿਲਾਂ ਉੱਤਰ ਦਿਸ਼ਾ ਵਿੱਚ ਗਿਆ ਹੁਕਮ ਅਨੁਸਾਰ ਟੋਇਆ ਪੁੱਟਿਆ ਤਾਂ ਮੋਹਰਾਂ ਦਾ ਘੜਾ ਮਿਲ ਗਿਆ। ਬਹੁਤ ਖੁਸ਼ ਹੋਇਆ ਉਸ ਦੀ ਜਰੂਰਤ ਨਾਲੋਂ ਵੀ ਜਿਆਦਾ ਧਨ ਸੀ। ਪਰ ਉਸਨੂੰ ਗੁਰੂ ਜੀ ਦੀ ਬਾਕੀ ਗੱਲ ਯਾਦ ਆਈ ਅਤੇ ਹੋਰ ਧਨ ਨੂੰ ਪਾਉਣ ਲਈ ਦੱਖਣ ਵੱਲ ਗਿਆ ਤੇ ਕੁਟੀਆ ਵਿੱਚ ਚਾਰ ਘੜੇ ਧਨ ਦੇ ਮਿਲੇ। ਹੋਰ ਖੁਸ਼ ਹੋਇਆ ਤੇ ਸੋਚਣ ਲੱਗਾ ਹੁਣ ਲੱਗਦੇ ਹੱਥ ਪੂਰਬ ਵੱਲ ਜਾ ਆਉਂਦਾ ਹਾਂ। ਪੂਰਬ ਚ ਗਿਆ ਤਾਂ ਗੁਫਾ ਵਿੱਚ ਸੱਤ ਘੜੇ ਧਨ ਦੇ ਮਿਲੇ। ਹੁਣ ਉਹ ਅਧਿਐਨ ਕਰਨ ਲੱਗਾ ਪਹਿਲਾਂ ਉੱਤਰ ਚ ਗਿਆ ਤਾਂ ਇੱਕ ਘੜਾ ਧਨ ਦਾ , ਦੱਖਣ ਗਿਆ ਤਾਂ ਚਾਰ ਘੜੇ ਧਨ ਦੇ , ਪੂਰਬ ਗਿਆ ਤਾਂ ਸੱਤ ਘੜੇ ਧਨ ਦੇ। ਗੁਰੂ ਜੀ ਨੇ ਪੱਛਮ ਜਾਂ ਤੋਂ ਕਿਓਂ ਮਨਾ ਕੀਤਾ ਜਰੂਰ ਉੱਥੇ ਇਸ ਤੋਂ ਵੀ ਕਿਤੇ ਜਿਆਦਾ ਧਨ ਹੋਵੇਗਾ। ਚੱਲ ਪਿਆ ਜੀ ਸੱਜਣ ਪੱਛਮ ਵੱਲ ਕੀ ਵੇਖਦਾ ਕਿ ਇੱਕ ਬੰਦਾ ਚੱਕੀ ਚਲਾ ਰਿਹਾ ਹੈ ਤੇ ਚੱਕੀ ਵਿੱਚੋ ਸੋਨੇ ਦੀਆਂ ਮੋਹਰਾਂ ਨਿਕਲ ਰਹੀਆਂ ਹਨ। ਆਸੇ ਪਾਸੇ ਢੇਰ ਲੱਗੇ ਹੋਏ ਹਨ ਧਨ ਦੇ। ਉਹ ਪਹਿਲਾਂ ਵਾਲੇ ਬੰਦੇ ਨੂੰ ਪੁੱਛਦਾ ਇਹ ਕੀ ? ਪਹਿਲਾਂ ਵਾਲਾ ਬੰਦਾ ਕਹਿਣ ਲੱਗਾ ਕਿ ਮੇਰੇ ਯੋਗਾ ਤਾਂ ਕਾਫੀ ਧਨ ਹੋ ਗਿਆ ਜੇ ਚੱਕੀ ਤੁਸੀਂ ਫੇਰਨੀ ਤਾਂ ਲੈ ਲਵੋ ਹੱਥਾ। ਜਦੋਂ ਹੀ ਇਸ ਨਵੇਂ ਆਏ ਸੱਜਣ ਨੇ ਚੱਕੀ ਦਾ ਹੱਥਾ ਪਕੜਿਆ ਉਸਦਾ ਹੱਥ ਉਸ ਨਾਲ ਜੁੜ ਗਿਆ ਤੇ ਕਾਬੂ ਆ ਗਿਆ। ਘਬਰਾ ਕੇ ਪੁੱਛਣ ਲੱਗਾ ਪਹਿਲੇ ਬੰਦੇ ਨੂੰ ਇੱਹ ਕੀ ਲੀਲਾ ? ਪਹਿਲੇ ਬੰਦੇ ਨੇ ਦੱਸਿਆ ਤੇਰੇ ਵਾਂਗ ਲਾਲਚ ਬੱਸ ਹੋ ਕੇ ਇਥੇ ਆਇਆ ਸੀ 12 ਸਾਲ ਹੋ ਗਏ ਚੱਕੀ ਚਲਾਉਂਦਿਆਂ। ਤੁਸੀਂ ਆਏ ਤਾਂ ਮੈਨੂੰ ਆਜ਼ਾਦੀ ਮਿਲੀ। ਨਵਾਂ ਆਇਆ ਸੱਜਣ ਪੁੱਛਦਾ ਫਿਰ ਮੈਨੂੰ ਆਜ਼ਾਦੀ ਕਦੋਂ ਮਿਲੇਗੀ। ਜਦੋਂ ਤੇਰੇ ਤੋਂ ਵੱਧ ਲਾਲਚੀ ਬੰਦਾ ਚੱਕੀ ਦਾ ਹੱਥਾ ਪਕੜੇਗਾ ਉਸ ਵਕਤ ਮਿਲੇਗੀ ਆਜ਼ਾਦੀ – ਪਹਿਲਾਂ ਵਾਲਾ ਬੰਦਾ ਬੋਲਿਆ।