Posted with permission of Author
ਮੇਰੀਆਂ ਲਿਖਤਾਂ ਵਿਚ ਗੁਰੂ ਨਾਨਕ ਦਾ ਏਨਾ ਜ਼ਿਕਰ ਕਿਉਂ
ਪੁਰਾਣੇ ਅਤੇ ਵੱਡੇ ਪੰਜਾਬ ਦੇ ਲਗਪਗ ਕੇਂਦਰ ਵਿਚ ਜਨਮੇ ਗੁਰੂ ਨਾਨਕ ਨੂੰ ਪੰਜਾਬ ਆਪਣਾ ਪੈਗੰਬਰ ਮੰਨਦਾ ਹੈ। ਉਹਨਾਂ ਦੀ ਮਾਨਤਾ ਬਾਬਤ ਭਾਈ ਗੁਰਦਾਸ ਦਾ ਕਥਨ ਹੈ,“ਘਰਿ ਘਰਿ ਬਾਬਾ ਗਾਵੀਐ…..”। ਮੇਰੇ ਪਸੰਦੀਦਾ ਕਵੀ ਪ੍ਰੋ. ਪੂਰਨ ਸਿੰਘ ਪੰਜਾਬ ਨੂੰ ਗੁਰਾਂ ਦੇ ਨਾਂ ‘ਤੇ ਵਸਦਾ ਆਖਦੇ ਹਨ। ਮੈਨੂੰ ਆਪਣੇ ਭਾਈਚਾਰੇ ਦੇ ਕਿਰਦਾਰ, ਅਚਾਰ, ਵਿਹਾਰ, ਪ੍ਰਚਾਰ, ਕਾਰੋਬਾਰ ਆਦਿ ਨੂੰ ਮਹਾਨ ਬਾਬੇ ਦੀ ਸਖ਼ਸ਼ੀਅਤ ਅਤੇ ਬਾਣੀ ਨਾਲ ਤੁਲਨਾ ਕੇ ਦੇਖਣ ਦੀ ਬਾਣ ਪਈ ਹੋਈ ਹੈ। ਇਸ ਕਰਕੇ ਮੇਰੀ ਕਵਿਤਾ, ਵਾਰਤਕ, ਨਾਟਕ, ਫੁਟਕਲ ਲਿਖਤਾਂ ਅਤੇ ਗੱਲਾਂ ਬਾਤਾਂ ਵਿਚ ਉਹਨਾਂ ਦਾ ਜ਼ਿਕਰ ਆਉਂਦਾ ਰਹਿੰਦਾ ਹੈ।
ਮੈਂ 1981 ਵਿਚ ਮੈਟ੍ਰਿਕ ਕਰਕੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਇਹਨਾਂ ਦਿਨਾਂ ਵਿਚ ਹੀ ਪੰਜਾਬ ਵਿਚ ਫਿਰਕੂ ਹਵਾ ਰੁਮਕਣੀ ਸ਼ੁਰੂ ਹੋਈ ਜੋ ਅਗਲੇ ਸਾਲਾਂ ਵਿਚ ਨੇ੍ਹਰੀ ਦਾ ਰੂਪ ਧਾਰ ਗਈ। 1985 ਵਿੱਚ ਇੰਜਨੀਅਰਿੰਗ ਕਾਲਜ ਦਾਖਲ ਹੋਇਆ ਤਦ ਤੱਕ ਸਾਕਾ ਨੀਲਾ ਤਾਰਾ ਵਾਪਰ ਚੁੱਕਾ ਸੀ। ਦਿੱਲੀ ਵਿਚ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕਤਲੇਆਮ ਹੋ ਚੁੱਕਾ ਸੀ। ਪੰਜਾਬ ਵਿਚ ਦਹਿਸ਼ਤ ਅਤੇ ਖ਼ੂਨ ਖਰਾਬੇ ਦਾ ਦੌਰ ਪੂਰੇ ਜ਼ੋਰਾਂ ‘ਤੇ ਸੀ। ਮਨ ਦੁੱਖ, ਰੋਸ ਅਤੇ ਕਰੁਣਾ ਨਾਲ ਭਰਿਆ ਰਹਿੰਦਾ ਸੀ। ਇਹ ਦੁੱਖ ਕਵਿਤਾ ਦੇ ਮਾਧਿਅਮ ਰਾਹੀਂ ਕਾਗਜ਼ਾਂ ‘ਤੇ ਉਤਰਨ ਲੱਗਾ। ਇੰਜ ਕਵਿਤਾ ਰਾਹੀਂ ਆਪਣੀ ਵੇਦਨਾ ਸੰਵੇਦਨਾ ਸਾਂਝੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਇਹ ਸਮਝ ਆਇਆ ਕਿ ਸੱਤਾ ਪ੍ਰਾਪਤੀ ਜਾਂ ਸੱਤਾ ‘ਚ ਬਣੇ ਰਹਿਣ ਦੀ ਵਧੀ ਹੋਈ ਲਾਲਸਾ ਸਾਰੀ ਬਿਮਾਰੀ ਦੀ ਜੜ੍ਹ ਹੈ। ਪੰਜਾਬ ਅੰਦਰ ਦਹਿਸ਼ਤਗਰਦੀ ਮਜ਼ਹਬ ਨੂੰ ਬਹਾਨੇ ਵਜੋਂ ਵਰਤ ਰਹੀ ਸੀ ਅਤੇ ਸਰਕਾਰੀ ਬੰਦੋਬਸਤ ਦਹਿਸ਼ਤਗਰਦੀ ਨੂੰ ਦਬਾਉਣ ਜਾਂ ਮਿਟਾਉਣ ਦੇ ਬਹਾਨੇ ਜਬਰ-ਜ਼ੁਲਮ ਢਾਹ ਰਿਹਾ ਸੀ। ਖ਼ੂਨੀ ਘੜਮੱਸ ਚੱਲ ਰਹੀ ਸੀ ਅਤੇ ਆਮ ਲੋਕ ਦੋ ਪੁੜਾਂ ਵਿਚ ਪਿਸ ਰਹੇ ਸਨ। ਦਹਿਸ਼ਤਗਰਦੀ ਦੇ ਪਾਣੀ ਲਹਿਣ ਮਗਰੋਂ ਇਸ ਦੇ ਕਾਰਨਾਂ ਨੂੰ ਗਹਿਰਾਈ ਨਾਲ ਜਾਨਣ ਲਈ ਰੁਚਿਤ ਹੋਇਆ ਤਾਂ ਫਿਰਕਾਪ੍ਰਸਤੀ ਦੇ ਬੀਜ ਮਨੁੱਖ ਦੇ ਮਜ਼ਹਬ ਨਾਲ ਵਿਗੜੇ ਹੋਏ ਸਬੰਧਾਂ ਵਿਚੋਂ ਦਿਸੇ। ਸਿਆਸਤ ਮਜ਼ਹਬ ਦੀ ਆਤਮਾ ਨੂੰ ਮਾਰ ਕੇ ਉਸ ਦੇ ਸਰੀਰ ‘ਤੇ ਕਬਜ਼ਾ ਕਰ ਲੈਂਦੀ ਹੈ। ਪੈਗੰਬਰਾਂ ਦੇ ਉਦੇਸ਼ ਅਤੇ ਉਪਦੇਸ਼ ਨਾਲ ਇਹਨਾਂ ਦੇ ਪੈਰੋਕਾਰ ਅਖਵਾਉਣ ਵਾਲੇ ਲੋਕਾਂ ਦੇ ਵਾਸਤਵਿਕ ਸਬੰਧਾਂ ਦੀ ਪੁਣ-ਛਾਣ ਕਰਨ ਦੀ ਰੁਚੀ ਹੋਈ। ਇਸ ਵਾਸਤੇ ਆਪਣੇ ਨੇੜੇ ਵਿਚਰਦੇ ਹਮ-ਮਜ਼ਹਬਾਂ ਦੇ ਵਤੀਰੇ ਦਾ ਨਰੀਖਣ ਹੀ ਸਭ ਤੋਂ ਪ੍ਰਮਾਣਕ ਹੋ ਸਕਦਾ ਸੀ। ਸੋਚ ਦੇ ਅਜਿਹੇ ਬਿੰਦੂ ਦੁਆਲੇ ਹੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਦੀਆਂ ਬਹੁਤੀਆਂ ਕਵਿਤਾਵਾਂ ਬੁਣੀਆਂ ਗਈਆਂ।
ਸਾਖੀਆਂ ਮੁਤਾਬਕ ਗੁਰੂ ਨਾਨਕ ਨੇ ਬਚਪਨ ਵਿਚ ਵਿਦਿਆਲੇ ਜਾਂ ਪਾਠਸ਼ਾਲਾ ਨੂੰ ਨਾਕਾਰ ਦਿੱਤਾ ਪ੍ਰੰਤੂ ਜਵਾਨੀ ਵਿਚ ਉਹਨਾਂ ਪੰਜਾਬ ਤੋਂ ਬਾਹਰ ਚਾਰਾਂ ਦਿਸ਼ਾਵਾਂ ਵਿਚ ਪੈਦਲ ਲੰਮੀਆਂ ਯਾਤਰਾਵਾਂ ਕਰਕੇ ਸੁਖਨ, ਗਿਆਨ ਅਤੇ ਚਿੰਤਨ ਦੇ ਮਹੱਤਵਪੂਰਨ ਕੇਂਦਰਾਂ ਅਤੇ ਸਰੋਤਾਂ ਤੱਕ ਪਹੁੰਚ ਕੀਤੀ। ਇਹਨਾਂ ਚਾਰ ਦਿਸ਼ਾਵਾਂ ਦੀਆਂ ਚਾਰ ਉਦਾਸੀਆਂ ਦੌਰਾਨ ਉਹਨਾਂ ਹਿੰਦੂ ਧਰਮ ਦੇ ਮੁਖੀਆਂ ਤੇ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ। ਜੈਨੀ ਅਤੇ ਬੋਧੀ ਅਚਾਰੀਆਂ ਨਾਲ ਵਾਰਤਾਲਾਪ ਕੀਤੀ। ਜੋਗ ਮੱਤ ਵਾਲੇ ਸਿੱਧਾਂ ਨਾਲ ਗੋਸ਼ਿਟ ਹੋਈ। ਇਸਲਾਮੀ ਆਲਮਾ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਕਬੀਰ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਸੈਣ ਜੀ, ਪੀਪਾ ਜੀ, ਨਾਮਦੇਵ ਜੀ, ਤਰਲੋਚਨ ਜੀ, ਪਰਮਾਨੰਦ ਜੀ, ਸਧਨਾ ਜੀ ਆਦਿ ਦੀ ਬਾਣੀ ਪੰਜਾਬ ਲੈ ਕੇ ਆਏ। ਇੰਜ ਗੁਰੂ ਨਾਨਕ ਨੇ ਭਾਰਤ ਦੇ ਧੁਰ ਉੱਤਰ ਅਤੇ ਪੂਰਬ ਤੋਂ ਲੈ ਕੇ ਏਸ਼ੀਆ ਦੇ ਧੁਰ ਦੱਖਣ ਅਤੇ ਪੱਛਮ ਤੱਕ ਦੇ ਇਲਾਕਿਆਂ ਵਿਚ ਜਾ ਕੇ ਉਹਨਾਂ ਤੋਂ ਪਹਿਲੀਆਂ ਤਿੰਨ ਸਦੀਆਂ ਦੌਰਾਨ ਰਚੇ ਗਏ ਗੁਰਮਤਿ ਕਾਵਿ ਅਤੇ ਗਿਆਨ ਨੂੰ ਇਕੱਠਾ ਕਰਕੇ ਪੰਜਾਬ ਨੂੰ ਇਸ ਦਾ ਮਿਲਣ ਬਿੰਦੂ ਬਣਾ ਦਿੱਤਾ। ਉਹਨਾਂ ਵਿਦਿਆ, ਗਿਆਨ, ਚਿੰਤਨ ਅਤੇ ਸੰਵਾਦ ਨੂੰ ਬਹੁਤ ਉਚਿਆਇਆ। ਉਹਨਾਂ ਦੁਆਰਾ ਇਕੱਠੇ ਕੀਤੇ ਅਤੇ ਪ੍ਰਸਤੁਤ ਕੀਤੇ ਗਏ ਗੁਰਮਤਿ ਗਿਆਨ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗਰੰਥ ਵਿਚ ਦਰਜ ਕਰਕੇ ਪ੍ਰਕਾਸ਼ਤ ਕੀਤਾ। ਪੰਜਾਬ ਦੇ ਕੇਂਦਰੀ ਇਲਾਕੇ ਵਿਚ ਇਕ ਵਿਸ਼ਾਲ ਅਤੇ ਖੂਬਸੂਰਤ ਜਲ ਭੰਡਾਰ (ਸਰੋਵਰ) ਦੇ ਕੇਂਦਰ ਵਿਚ ਖੂਬਸੂਰਤ ਮੰਦਰ (ਇਮਾਰਤ) ਉਸਾਰ ਕੇ ਉਸ ਦੇ ਐਨ ਕੇਂਦਰ ਵਿਚ ਇਸ ਗਰੰਥ ਨੂੰ ਸ਼ਸ਼ੋਭਤ ਕੀਤਾ। ਜੇ ਹੁਣ ਗਿਆਨ, ਚਿੰਤਨ ਅਤੇ ਸੰਵਾਦ ਗੁਰਾਂ ਦੇ ਨਾਂ ਤੇ ਵਸਦਾ ਕਿਹਾ ਜਾਣ ਵਾਲੇ ਪੰਜਾਬ ਦੇ ਵਾਸੀਆਂ ਦੀ ਜੀਵਨ ਸ਼ੈਲੀ ਦਾ ਕੇਂਦਰ ਨਹੀਂ ਤਾਂ ਸਾਥੋਂ ਇਹ ਪੁੱਛਿਆ ਜਾਣਾ ਸੁਭਾਵਕ ਹੈ ਕਿ ਅਸੀਂ ਨਾਨਕ ਦੇ ਕੀ ਲਗਦੇ ਹਾਂ।
ਹੋਰ ਤਾਂ ਹੋਰ ਗੁਰੂ ਨਾਨਕ ਦੇ ਨਾਂ ‘ਤੇ ਖੁੱਲ੍ਹੀਆਂ ਵਿਦਿਅਕ ਸੰਸਥਾਵਾਂ ਵੀ ਸਾਨੂੰ ਗੁਰੂ ਨਾਨਕ ਦੇ ਕੁਝ ਲੱਗਣ ਨਹੀਂ ਲਾਉਂਦੀਆਂ। ਪਿਛਲੇ ਕੁਝ ਦਹਾਕਿਆਂ ਤੋਂ ‘ਸਿੱਖੀ ਪ੍ਰਚਾਰਕਾਂ’ ਵਲੋਂ ਗੁਰੂ ਨਾਨਕ ਬਾਣੀ ਨੂੰ ਬਹੁਤ ਵਿਗਿਆਨਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਲਿਹਾਜ਼ ਨਾਲ ਤਾਂ ਕੁਦਰਤੀ ਭੇਦਾਂ ਪ੍ਰਤੀ ਜਗਿਆਸਾ ਰੱਖਣ ਵਾਲੇ ਅਤੇ ਉਹਨਾਂ ਸਚਾਈਆਂ ਦੀ ਖੋਜ ਕਰਨ ਵਾਲੇ ਵਿਗਿਆਨੀ ਗੁਰੂ ਦੇ ਸਿੱਖ ਅਖਵਾਉਣ ਦੇ ਅਧਿਕਾਰੀ ਹਨ ਨਾ ਕਿ ਸਾਡੇ ਪਾਠੀ, ਗਰੰਥੀ, ਕਥਾਵਾਚਕ ਆਦਿ। ਗੁਰੂ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਜਾਂ ਦਿਖਾਵਾ ਕਰਨ ਵਾਲੇ ਸਿੱਖੀ ਪ੍ਰਚਾਰਕਾਂ ਵਿਚੋਂ ਕਿਸੇ ਨੇ ਵਿਗਿਆਨਕ ਖੋਜਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੀ ਕੋਈ ਮੱਲ ਨਹੀਂ ਮਾਰੀ।
ਨਿੱਕੇ ਹੁੰਦਿਆਂ ਮੈਂ ਆਪਣੇ ਘਰਦਿਆਂ ਨਾਲ ਜਾ ਜਾ ਕੇ ਢਾਡੀਆਂ, ਕਵੀਸ਼ਰਾਂ ਦੁਆਰਾ ਕੀਤੇ ਜਾਂਦੇ ਸਿੱਖੀ ਪ੍ਰਚਾਰ ਨੂੰ ਬਹੁਤ ਸੁਣਿਆਂ। ਇਹਨਾਂ ਦੀਆਂ ਗੱਲਾਂ ਵਿਚ ਦੂਸਰੇ ਮਜ਼ਹਬਾਂ ਦੇ ਲੋਕਾਂ ਅਤੇ ਵਿਸ਼ਵਾਸਾਂ ਪ੍ਰਤੀ ਲਹਿਜ਼ਾ ਟਿੱਚਰੀ ਜਾਂ ਨਫ਼ਰਤੀ ਹੁੰਦਾ ਸੀ। ਥੋੜ੍ਹਾ ਵੱਡੇ ਹੋ ਕੇ ਗੁਰੂ ਨਾਨਕ ਬਾਣੀ ਨੂੰ ਸਮਝਣ ਦੀ ਰੁਚੀ ਹੋਈ ਤਾਂ ਉਹਨਾਂ ਤੋਂ ਸੁਣੀਆਂ ਗੱਲਾਂ ਵਿਚੋਂ ਬਹੁਤੀਆਂ ਬਾਬੇ ਦੀਆਂ ਗੱਲਾਂ ਤੋਂ ਉਲਟ ਲੱਗਣ ਲੱਗੀਆਂ। ਸਿੱਖੀ ਦੇ ਨਾਂ ‘ਤੇ ਸਿਆਸਤ ਕਰਨ ਵਾਲੇ ਨੇਤਾਵਾਂ ਦੇ ਭਾਸ਼ਨਾਂ ਦੀ ਤਾਂ ਗੱਲ ਹੀ ਛੱਡੋ। ਇਹ ਭਾਸ਼ਨ ਮੁੱਖ ਤੌਰ ‘ਤੇ ਸਵੈ ਪ੍ਰਸੰਸਾ ਅਤੇ ਦੂਸਰਿਆਂ ਦੀ ਬਦਖੋਹੀ ਕਰਨ ਵਾਲੇ ਹੀ ਹੁੰਦੇ ਹਨ। ਆਪਣੇ ਆਪ ਨੂੰ ਉੱਤਮ ਅਤੇ ਦੂਸਰਿਆਂ ਨੂੰ ਨੀਚ ਸਾਬਤ ਕਰਨ ‘ਤੇ ਜ਼ੋਰ ਲੱਗਾ ਰਹਿੰਦਾ ਹੈ। ਸਵਾਰਥ ਅਤੇ ਸੱਤਾ ਦੀ ਲਾਲਸਾ ਸਿਰ ਚੜ੍ਹ ਕੇ ਬੋਲਦੀ ਹੈ। ਫਿਰ ਇਹੀ ਸਵਾਲ ਉੱਠਦਾ ਹੈ ਕਿ ਸਾਡੇ ਭਾਈਚਾਰੇ ਦੇ ਆਗੂ ਅਤੇ ਉਹਨਾਂ ਦੇ ਭਾਸ਼ਨਾ ‘ਤੇ ਜੈਕਾਰੇ ਛੱਡਣ ਵਾਲੇ ਆਪਣੇ ਆਪ ਨੂੰ ਨੀਚ ਅਖਵਾਉਣ ਵਾਲੇ ਅਤੇ “ਹਮ ਨਹੀ ਚੰਗੇ ਬੁਰਾ ਨਹੀ ਕੋਇ” ਕਹਿਣ ਵਾਲੇ ਬਾਬੇ ਦੇ ਅਸੀਂ ਕੀ ਲਗਦੇ ਹਾਂ।
1947 ਵੇਲੇ ਪੰਜਾਬ ਦੇ ਸਿੱਖ ਅਖਵਾਉਣ ਵਾਲੇ ਬੁਰਛਿਆਂ ਨੇ ਮੁਸਲਮਾਨਾਂ ਨੂੰ ਇਕ ਵਾਢਿਓਂ ਸਿੱਖੀ ਦੇ ਦੁਸ਼ਮਣ ਗਰਦਾਨ ਕੇ ਮਾਸੂਮ ਬੱਚਿਆਂ ਤੱਕ ਦੇ ਬੇਰਹਿਮੀ ਨਾਲ ਕਤਲ ਕੀਤੇ, ਮੁਸਲਿਮ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਹ ਗੱਲਾਂ ਬਾਬੇ ਦੇ ਫ਼ਲਸਫ਼ੇ ਨਾਲ ਕਿਥੇ ਮੇਲ ਖਾਂਦੀਆਂ ਹਨ? ਬਚਪਨ ਤੋਂ ਹੁਣ ਤੱਕ ਦੇਖਦੇ ਆ ਰਹੇ ਹਾਂ ਕਿ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਜਾਂ ਆਪੇ ਬਣੇ ਬੁਲਾਰਿਆਂ ਵਲੋਂ ਕਦੇ ਹਿੰਦੂਆਂ ਨੂੰ ਸਿੱਖਾਂ ਦੇ ਦੁਸ਼ਮਨ ਕਿਹਾ ਗਿਆ। ਕਦੇ ਕਹਿੰਦੇ ਕਾਂਗਰਸ ਸਿੱਖਾਂ ਦੀ ਦੁਸ਼ਮਨ, ਕਦੀ ਕੇਂਦਰ ਦੁਸ਼ਮਨ, ਕਦੀ ਆਰ ਐਸ ਐਸ ਸਿੱਖਾਂ ਦੀ ਦੁਸ਼ਮਨ, ਕਦੀ ਕਮਿਊਨਿਸਟ ਦੁਸ਼ਮਨ, ਕਦੀ ਮੀਡੀਆ ਦੁਸ਼ਮਨ ਤੇ ਹੋਰ ਬਹੁਤ ਸਾਰੇ ਦੁਸ਼ਮਨ। ਕਦੀ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਗੀਤ ਉਵੇਂ ਮਕਬੂਲ ਹੋਇਆ ਜਿਵੇਂ ਅੱਜ ਕੱਲ੍ਹ ਮੂਸੇ ਵਾਲੇ ਦੇ ਗੀਤ ਮਕਬੂਲ ਹਨ। ਇਸ ਸਾਰੇ ਸਿਆਸਤੀ ਰੌਲੇ ਵਿਚ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” ਜਾਂ “ਨਾ ਕੋ ਬੈਰੀ ਨਹੀ ਬਿਗਾਨਾ” ਵਾਲੇ ਫ਼ਲਸਫੇ ਲਈ ਸਥਾਨ ਕਿਥੇ ਹੈ?
ਗੁਰੁ ਨਾਨਕ ਪ੍ਰਤੀ ਸਾਡਾ ਰਵੱਈਆ ਸ਼ਰਧਾ ਨਾਲੋਂ ਵੀ ਵਧੇਰੇ ਮੇਰ ਵਾਲਾ ਹੈ। ਡਾ. ਸੁਤਿੰਦਰ ਸਿੰਘ ਨੂਰ ਦੀ ਕਹੀ ਗੱਲ ਅਕਸਰ ਯਾਦ ਆਉਂਦੀ ਹੈ ਕਿ ਸ਼ੇਕਸਪੀਅਰ ਗੁਰੂ ਨਾਨਕ ਦਾ ਲਗਪਗ ਸਮਕਾਲੀ ਸੀ। ਸ਼ੇਕਸਪੀਅਰ ਨੂੰ ਪੜ੍ਹਨ ਵਾਲਿਆਂ ਅਤੇ ਉਸ ਦੇ ਪ੍ਰਸੰਸਕਾਂ ਕਾਰਨ ਉਸ ਦੀਆਂ ਲਿਖਤਾਂ ਦੁਨੀਆਂ ਦੇ ਹਰ ਕਾਲਜ ਅਤੇ ਯੁਨੀਵਰਸਿਟੀ ਵਿਚ ਪੜ੍ਹਾਈਆਂ ਜਾਂਦੀਆਂ ਹਨ। ਪ੍ਰੰਤੂ ਸਾਡੀ ਮੇਰ ਨੇ ਗੁਰੂ ਨਾਨਕ ਨੂੰ ਅਕਾਦਮਿਕ ਤੌਰ ‘ਤੇ ਦਿੱਲੀ ਨਹੀਂ ਟੱਪਣ ਦਿੱਤਾ।
ਨਿਤਨੇਮ, ਪਾਠ ਦੇ ਭੋਗ ਜਾਂ ਧਾਰਮਿਕ ਸਮਾਗਮ ਦੀ ਸਮਾਪਤੀ ਤੇ ਸਭ ਤੋਂ ਵਧੇਰੇ ਵਾਰੀ ਪਵਨ ਗੁਰੂ ਪਾਣੀ ਪਿਤਾ ਵਾਲਾ ਸਲੋਕ ਪੜ੍ਹਿਆ ਸੁਣਿਆਂ ਜਾਂਦਾ ਹੈ। ਪਰੰਤੂ ਪੰਜਾਬ ਦੇ ਦਰਿਆ ਦੁਨੀਆਂ ਦੇ ਸਭ ਤੋਂ ਪਲੀਤ ਦਰਿਆਵਾਂ ਵਿਚ ਗਿਣੇ ਜਾਂਦੇ ਹਨ। ਸਾਡੇ ਸ਼ਹਿਰ ਲੁਧਿਆਣੇ ਵਿਚੋਂ ਵਗਦੇ ਬੁੱਢੇ ਦਰਿਆ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਦੱਸੀ ਜਾਂਦੀ ਹੈ, ਇਸ ਕਿਨਾਰੇ ਇਤਿਹਾਸਕ ਗੁਰਦੁਆਰਾ ਵੀ ਹੈ। ਨਿਸਚਿਤ ਤੌਰ ‘ਤੇ ਸਤਲੁਜ ਅਤੇ ਬਿਆਸ ਨੂੰ ਵੀ ਉਹਨਾਂ ਦੀ ਚਰਨਛੋਹ ਵਾਰ ਵਾਰ ਪ੍ਰਾਪਤ ਹੋਈ ਹੋਵੇਗੀ। ਪਰੰਤੂ ਗੰਦੇ ਨਾਲੇ ਵਿਚ ਤਬਦੀਲ ਹੋਇਆ ਬੁੱਢਾ ਦਰਿਆ ਤਾਂ ਪੰਜਾਬ ਦਾ ਦਸ਼ਾ ਸੂਚਕ ਲਗਦਾ ਹੈ। ਇਸ ਦਾ ਕਾਲਾ ਰੰਗ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ ਹੈ, ਵਣਜ ਕਿੰਨਾ ਖੋਟਾ ਹੈ। ਬਦਬੂ ਦੱਸਦੀ ਹੈ ਕਿ ਪ੍ਰਸ਼ਾਸਨ ਕਿੰਨਾ ਗਲਿਆ ਸੜਿਆ ਹੈ। ਇਸ ਵਿਚਲੀ ਜ਼ਹਿਰ ਦੱਸਦੀ ਹੈ ਕਿ ਸਾਡੀ ਕਮਾਈ ਕਿੰਨੀ ਜ਼ਹਿਰੀਲੀ ਹੈ। ਖਿਲਰੇ ਕੂੜੇ ਤੋਂ ਪਤਾ ਲਗਦਾ ਹੈ ਕਿ ਸਾਡੇ ਅੰਦਰ ਕੂੜ ਦਾ ਕਿੰਨਾ ਪਸਾਰਾ ਹੈ। ਗੰਦੀ ਦਲਦਲ ਦੱਸਦੀ ਹੈ ਕਿ ਅਸੀਂ ਬੇਬਸੀ ਦੀ ਦਲਦਲ ਵਿਚ ਖੁੱਭੇ ਹੋਏ ਹਾਂ। ਸਾਡਾ ਧਰਮ ਕਰਮ ਕਿੰਨਾ ਜਾਅਲੀ ਹੈ।
ਮੈਨੂੰ ਲਗਦਾ ਹੈ ਕਿ ਹੈ ਜੇਕਰ ਪੰਜਾਬੀਆਂ ਨੇ ਆਪਣੀ ਚੰਗੇਰੀ ਹਸਤੀ ਕਾਇਮ ਕਰਨੀ ਹੈ, ਪੰਜਾਬ ਨੂੰ ਆਪਣੇ ਰਹਿਣਯੋਗ ਬਣਾਉਂਣਾ ਹੈ ਜਾਂ ਹੰਢਣਸਾਰ ਤਰੱਕੀ ਕਰਨੀ ਹੈ ਤਾਂ ਗੁਰੂ ਨਾਨਕ ਨਾਲ ਹਰ ਪੱਖ ਤੋਂ ਵਿਗੜੇ ਸਬੰਧ ਨੂੰ ਠੀਕ ਕਰਨਾ ਪਏਗਾ। ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਾਰਾ ਕੁਛ ਤਾਂ ਹੀ ਠੀਕ ਹੋ ਸਕਦਾ ਜੇ ਅਸੀਂ ਸੱਚੀਂ ਮੁੱਚੀਂ ਗੁਰੂ ਨਾਨਕ ਦੇ ਕੁਝ ਲੱਗਣ ਲੱਗ ਜਾਵਾਂਗੇ।
Leave a Reply