ਰੀਸ ਕਿਸੇ ਚੰਗੇ ਗੁਣ ਦੀ ਹੋਵੇ ਤਾਂ ਲਾਭਦਾਇਕ ਹੋ ਸਕਦੀ ਹੈ। ਪਰ ਜਿਆਦਾ ਕਰਕੇ ਇਹ ਨੁਕਸਾਨ ਹੀ ਕਰਦੀ ਹੈ। ਉਦਾਹਰਣ ਦੇ ਤੌਰ ਤੇ ਜੇ ਮੇਰੇ ਗਵਾਂਢੀ ਨੇ $40,000 ਦੀ ਕਾਰ ਖਰੀਦ ਲਈ। ਉਸ ਦੀ ਰੀਸ ਕਰਕੇ ਮੈਂ ਵੀ ਖਰੀਦ ਲਵਾਂ। ਬਿਨ੍ਹਾਂ ਇਹ ਜਾਣੇ ਕਿ ਹੋ ਸਕਦਾ ਗਵਾਂਢੀ ਦੇ ਖਾਤੇ ਵਿੱਚ ਦੋ ਲੱਖ ਡਾਲਰ ਹੋਣ ਤੇ ਉਸ ਨੇ ਉਹ ਕਾਰ ਸਾਰੀ Payment ਕਰ ਕੇ ਲਈ ਹੋਵੇ। ਮੈਂ ਐਵੇਂ ਰੀਸ ਕਰਕੇ ਕਿਸ਼ਤਾਂ ਤੇ ਲੈ ਆਵਾਂ ਤੇ ਖਾਤਾ ਮੇਰਾ ਪਹਿਲਾਂ ਹੀ ਖਾਲੀ ਹੋਵੇ। ਫਿਰ ਮੈਂ ਸੜਾਂਗਾ ਗਵਾਂਢੀ ਖੁਸ਼ ਰਹਿੰਦਾ ਤੇ ਮੈਂ ਦੁਖੀ। ਭਾਈ ਦੁਖੀ ਤਾਂ ਆਪਣੀ ਰੀਸ ਕਰਨ ਦੀ ਆਦਤ ਕਰਕੇ ਹੋਇਆਂ। ਇਹੀ ਉਦਾਹਰਣ ਪੰਜਾਬ ਤੋਂ ਦੂਸਰੇ ਦੇਸ਼ ਜਾਣ ਦੀ ਹੈ। ਇੱਕ ਵਿਅਕਤੀ ਉਸਦੀ ਪੜਾਈ ਕਰਕੇ ਅਤੇ ਕੰਮ ਦੇ ਤਜ਼ੁਰਬੇ ਕਰਕੇ $10,000 ਦਾ ਖਰਚਾ ਕਰਕੇ ਆਇਆ ਹੋਵੇ। ਉਸੇ ਦੀ ਰੀਸ ਕਰਕੇ ਕਿਸੇ ਦੇਸੀ ਜਿਹੇ ਏਜੰਟ ਨੂੰ ਲੱਖ ਡਾਲਰ ਦੇ ਤੁਸੀਂ ਵੀ ਬਾਹਰਲੇ ਦੇਸ਼ ਦੀ ਤਿਆਰੀ ਕਰ ਲਵੋ। ਉਹ ਵੀ ਬਿਨਾ ਜਾਣੇ ਕੇ ਉਥੇ ਕੰਮ ਕੀ ਮਿਲਦਾ ਕਮਾਈ ਕੀ ਹੁੰਦੀ। ਲੱਖ ਡਾਲਰ ਸਿਰ ਤੋਂ ਲਾਹੁਣ ਨੂੰ ਕਿੰਨੇ ਸਾਲ ਲੱਗਣਗੇ।
ਇੱਕ ਚੁਟਕਲਾ ਸਾਂਝਾ ਕਰਨਾ ਚਹੁੰਦਾ ਹਾਂ। ਕਲਪਨਿਕ ਹੀ ਹੈ ਪਰ ਢੁਕਵਾਂ ਹੈ।
ਇਕ ਬੰਦਾ ਆਪਣੇ ਪਾਲਤੂ ਤੋਤੇ ਨਾਲ ਜਹਾਜ਼ ਚ ਬੈਠਾ ਸੀ। ਤੋਤਾ ਵਾਰ ਵਾਰ Call ਬਟਨ ਦਬਾ ਕੇ Airhostess ਨੂੰ ਬੁਲਾ ਲਿਆ ਕਰੇ। ਤੋਤਾ ਤਾਂ ਥੋੜੀ ਦੇਰ ਬਾਅਦ ਹਟ ਗਿਆ। ਬੰਦੇ ਨੇ ਰੀਸ ਵਿਚ ਖੁਦ ਵੀ Call ਬਟਨ ਦਬਾ ਕੇ Airhostess ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। Flying crew ਨੇ ਫੈਸਲਾ ਕੀਤਾ ,ਇਸ ਬੰਦੇ ਨੂੰ ਤੇ ਇਸ ਦੇ ਤੋਤੇ ਨੂੰ ਖਿੜਕੀ ਤੋਂ ਬਾਹਰ ਸੁੱਟ ਦਿਓ। ਤੋਤਾ ਬੰਦੇ ਨੂੰ ਕਹਿੰਦਾ “ਕਿਉਂ ਸਾਹਿਬ ਹੁਣ ਉਡਣਾ ਆਉਂਦਾ। “
ਮਜ਼ਾਕ ਤਾਂ ਆਪਣੀ ਜਗ੍ਹਾ ਪਰ ਵਿਸ਼ਾ ਵਿਚਾਰ ਮੰਗਦਾ। ਐਵੇਂ ਰੀਸ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਮੁਸ਼ਕਿਲ ਨਹੀਂ ਬਣਾਉਣਾ ਚਾਹੀਦਾ।
ਇਸ ਵਿਸ਼ੇ ਤੇ Dr ਸੁਰਜੀਤ ਪਾਤਰ ਜੀ ਦੀ ਕਵਿਤਾ ਵਿੱਚੋ ਕੁਝ ਸਤਰਾਂ ਦਾ ਜ਼ਿਕਰ ਇਥੇ ਕਰਨਾ ਚਾਹੁੰਦਾ ਹਾਂ
ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਦੂਸਰਿਆਂ ਦੀਆਂ ਬਣਾਈਆਂ ਹੋਈਆਂ ਰਾਹਾਂ ਜਰੂਰੀ ਨਹੀਂ ਤੁਹਾਡੇ ਲਈ ਠੀਕ ਹੋਣ। ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਰਾਹਾਂ ਖੁਦ ਬਣਾਉਣੀਆਂ ਚਾਹੀਦੀਆਂ ਹਨ। ਰਾਹਾਂ ਤੁਰਨ ਨਾਲ ਬਣਦੀਆਂ ਹਨ,ਰੀਸ ਜਾ ਨਕਲ ਨਾਲ ਨਹੀਂ। ਇਸ ਦੀ ਇਕ ਉਦਾਹਰਣ ਇਥੇ ਦਿੱਤੀ ਜਾ ਸਕਦੀ ਹੈ। ਅਸੀਂ ਛੋਟੇ ਹੁੰਦੇ ਜੰਗਲੀ ਇਲਾਕੇ ਵਿਚ ਬੇਰ ਤੋੜਨ ਚਲੇ ਜਾਂਦੇ ਸਾਂ। ਜਿਨ੍ਹਾਂ ਜੜੀ ਬੂਟੀਆਂ ਤੇ ਝਾੜੀਆਂ ਵਿੱਚੋਂ ਇਕ ਵਾਰ ਲੰਘ ਜਾਂਦੇ ਸੀ ਉੱਥੇ ਰਸਤਾ ਬਣ ਜਾਂਦਾ ਸੀ। ਇਹਨਾਂ ਸਤਰਾਂ ਨੂੰ 2010 ਵਿੱਚ Facebook profile ਬਣਾਉਣ ਲੱਗਿਆਂ introduction ਵਿੱਚ ਲਿਖ ਦਿੱਤਾ ਸੀ। ਜਿੰਨੀ ਵਾਰ ਪੜਿਆ ਮੈਨੂੰ ਲੱਗਿਆ, ਇਹ ਬਣੀਆਂ ਬਣਾਈਆਂ ਰਾਹਾਂ ਮੈਨੂੰ ਮੇਰੀ ਮੰਜ਼ਿਲ ਤੋਂ ਦੂਰ ਲਿਜਾ ਰਹੀਆਂ ਹਨ। ਇਸ ਲਈ ਮੈਂ ਆਪਣੀ ਦਿਸ਼ਾ ਚੁਣ ਉਸ ਦਿਸ਼ਾ ਵਿੱਚ ਤੁਰਨ ਦਾ ਫੈਸਲਾ ਕੀਤਾ। ਅੱਜ 10-12 ਸਾਲ ਉਸੇ ਦਿਸ਼ਾ ਵਿਚ ਤੁਰਨ ਤੋਂ ਬਾਅਦ ਮੈਨੂੰ ਮੇਰੀ ਮੰਜ਼ਿਲ ਨਜ਼ਰ ਆਉਣ ਲੱਗੀ ਹੈ।